ਭੋਲੇ ਦਾ ਪਹਿਲਾ ਕਾਰਨਾਮਾ
ਜੂਨ ਦੇ ਮਹੀਨੇ ਵਿੱਚ ਲੁਧਿਆਣੇ ਦੀ ਗਰਮੀ ਦਾ ਹਾਲ ਇਹ ਸੀ ਕਿ ਸੜਕਾਂ ਉੱਤੇ ਤੁਰਨ ਵਾਲੇ ਬੰਦੇ ਦੀ ਚੱਪਲ ਤੱਕ ਪਿਘਲ ਜਾਂਦੀ ਸੀ। ਅਜਿਹੇ ਦਿਨ ਵਿੱਚ ਬੁੱਢੇ ਦਰਿਆ ਦੇ ਕੰਢੇ ਬੱਚੇ ਠੰਡੇ ਪਾਣੀ ਵਿੱਚ ਛਾਲਾਂ ਮਾਰਦੇ, ਕਿਲਕਾਰੀਆਂ ਪਾਉਂਦੇ, ਇੱਕ ਦੂਜੇ ਨੂੰ ਭਿਉਂਦੇ ਹੋਏ ਖੇਡ ਰਹੇ ਸਨ।
ਤੇ ਇਨ੍ਹਾਂ ਸਭਨਾਂ ਤੋਂ ਥੋੜ੍ਹਾ ਪਰ੍ਹੇ — ਦਰਿਆ ਦੇ ਕੰਢੇ ਉੱਤੇ ਬੈਠਾ ਇੱਕ ਬੰਦਾ ਇਨ੍ਹਾਂ ਬੱਚਿਆਂ ਨੂੰ ਵੇਖ ਰਿਹਾ ਸੀ। ਪਾਣੀ ਵਿੱਚ ਨਹੀਂ ਵੜਿਆ। ਹੱਸਿਆ ਨਹੀਂ। ਬੱਸ ਵੇਖਦਾ ਰਿਹਾ — ਤੇ ਮਨ ਵਿੱਚ ਸੋਚਦਾ ਰਿਹਾ ਕਿ ਕਾਸ਼ ਇਹ ਬਚਪਨ ਦੁਬਾਰਾ ਆ ਜਾਵੇ। ਪਰ ਕਾਸ਼ ਕਦੇ ਪੂਰੀ ਨਹੀਂ ਹੁੰਦੀ।
ਇਹ ਸੀ ਭੋਲਾ।
ਤੀਹਾਂ ਤੋਂ ਪਾਰ ਲੰਘ ਚੁੱਕਾ ਸੀ — ਵਜ਼ਨ ਸੱਤਰ ਕਿਲੋ, ਸਿਰ ਉੱਤੋਂ ਗੰਜਾ। ਵਾਲ਼ ਉਮਰ ਤੋਂ ਪਹਿਲਾਂ ਹੀ ਖਹਿ ਗਏ ਸਨ — ਜਿਵੇਂ ਰੱਬ ਨੇ ਸੋਚਿਆ ਹੋਵੇ, ਇਸ ਮੁੰਡੇ ਨੂੰ ਵਾਲ਼ਾਂ ਨਾਲ ਕੀ ਕੰਮ, ਇਹਦਾ ਤਾਂ ਦਿਲ ਦੇਖਣਾ ਹੈ। ਪਿਤਾ ਦਾ ਨਾਂ ਰੀਠਾ ਸੀ — ਜੋ ਭੋਲਾ ਅਜੇ ਛੋਟਾ ਹੀ ਸੀ ਜਦੋਂ ਗੁਜ਼ਰ ਗਏ ਸਨ। ਮਾਂ ਦਾ ਨਾਂ ਪੁਸ਼ਪਾ — ਜਿਸਨੂੰ ਭੋਲਾ ਹਮੇਸ਼ਾ "ਬੀਬੀ" ਕਹਿੰਦਾ ਸੀ। ਪੁਸ਼ਪਾ ਦਾ ਇਕੋ ਇੱਕ ਲਾਡਲਾ ਪੁੱਤਰ।
ਸੁਪਨਾ ਸੀ ਭੋਲੇ ਦਾ — ਲੁਧਿਆਣੇ ਦੇ ਕਿਸੇ ਚੰਗੇ ਸਕੂਲ ਵਿੱਚ ਵਿਗਿਆਨ ਦਾ ਅਧਿਆਪਕ ਬਣਨਾ। BA ਤੇ B.Ed ਕੀਤੀ ਸੀ ਮਿਹਨਤ ਨਾਲ। ਪਰ ਜ਼ਿੰਦਗੀ ਨੇ ਆਪਣਾ ਹਿਸਾਬ ਵੱਖਰਾ ਹੀ ਰੱਖਿਆ ਸੀ — ਸਰਕਾਰੀ ਹਾਈ ਸਕੂਲ ਵਿੱਚ ਨੌਕਰੀ ਮਿਲੀ, ਪਰ ਅਧਿਆਪਕ ਵਜੋਂ ਨਹੀਂ। ਪਿਉਨ ਵਜੋਂ। ਰੋਜ਼ ਸਵੇਰੇ ਪਿੰਡ ਜਮਾਲਪੁਰ ਤੋਂ ਆਪਣੇ ਪੁਰਾਣੇ ਬਜਾਜ ਚੇਤਕ ਉੱਤੇ ਲੁਧਿਆਣੇ ਜਾਂਦਾ — ਉਹ ਸਕੂਟਰ ਜੋ ਚੱਲਦਾ ਘੱਟ ਤੇ ਖੰਘਦਾ ਵੱਧ ਸੀ, ਜਿਵੇਂ ਉਹਨੂੰ ਵੀ ਭੋਲੇ ਵਾਂਗੂ ਮਜ਼ਬੂਰੀ ਵਿੱਚ ਕੰਮ ਕਰਨਾ ਪੈਂਦਾ ਹੋਵੇ।
ਸਕੂਲ ਵਿੱਚ ਅਧਿਆਪਕ ਹੁਕਮ ਦਿੰਦੇ — "ਭੋਲਿਆ ਚਾਹ ਲਿਆ, ਭੋਲਿਆ ਕਮਰਾ ਝਾੜ।" ਕੋਈ ਨਹੀਂ ਸੀ ਪੁੱਛਦਾ ਕਿ ਇਸ ਪਿਉਨ ਕੋਲ B.Ed ਦੀ ਡਿਗਰੀ ਪਈ ਹੈ। ਇੱਕ ਵਾਰ ਤਾਂ ਸੀਨੀਅਰ ਟੀਚਰ ਨੇ ਸਟਾਫ਼ ਰੂਮ ਵਿੱਚ ਸਾਰਿਆਂ ਦੇ ਸਾਹਮਣੇ ਕਿਹਾ ਸੀ — "ਭੋਲਿਆ, ਤੂੰ ਤਾਂ ਆਪ ਵੀ ਪੜ੍ਹਿਆ-ਲਿਖਿਆ ਏਂ — ਘੰਟੀ ਵੀ ਤੂੰ ਵਜਾ, ਪੜ੍ਹਾ ਵੀ ਤੂੰ ਲੈ!" ਸਾਰਾ ਸਟਾਫ਼ ਰੂਮ ਹੱਸ ਪਿਆ ਸੀ। ਭੋਲਾ ਵੀ ਹੱਸ ਦਿੱਤਾ ਸੀ — ਪਰ ਉਸ ਹਾਸੀ ਦੇ ਪਿੱਛੇ ਕੁਝ ਸੀ ਜੋ ਕਦੇ ਕਿਸੇ ਨੂੰ ਦਿਖਿਆ ਨਹੀਂ ਸੀ। ਭੋਲਾ ਚੁੱਪ-ਚੁਪੀਤੇ ਸਭ ਸਹਿ ਲੈਂਦਾ। ਪਰ ਜਦੋਂ ਕੋਈ ਬੱਚਾ ਕਿਸੇ ਸਵਾਲ ਵਿੱਚ ਰਿੜਕ ਕੇ ਉਸ ਕੋਲ ਆਉਂਦਾ ਤਾਂ ਭੋਲਾ ਉਹਨੂੰ ਕੋਨੇ ਵਿੱਚ ਲੈ ਜਾਂਦਾ ਤੇ ਚੁੱਪ-ਚੁਪੀਤੇ ਸਮਝਾ ਦਿੰਦਾ। ਬਾਹਰੋਂ ਪਿਉਨ, ਅੰਦਰੋਂ ਮਾਸਟਰ।
ਇੱਕ ਦੁੱਖ ਹੋਰ ਸੀ — ਵਿਆਹ ਨਹੀਂ ਹੋਇਆ ਸੀ ਅਜੇ ਤੱਕ। ਗਲੀ-ਮੁਹੱਲੇ ਵਾਲੇ ਕਦੇ-ਕਦੇ ਸ਼ੜੇ-ਸ਼ੜੇ ਕਹਿ ਕੇ ਟਿੱਚਰਾਂ ਕਰਦੇ। ਭੋਲਾ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਨ ਵਿੱਚ ਕਹਿੰਦਾ — "ਮੈਂ ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਕੁੜੀ ਨਾਲ ਵਿਆਹ ਕਰਵਾਉਣਾ ਹੈ, ਜੋ ਇਹਨਾਂ ਗਲੀ-ਮੁਹੱਲੇ ਵਾਲਿਆਂ ਦੇ ਮੂੰਹ ਤੇ ਚਪੇੜ ਤਰਾਂਗੀ — ਤੇ ਫਿਰ ਦੇਖਾਂਗੇ ਕੌਣ ਸ਼ੜਾ ਕਹਿੰਦਾ ਹੈ!"
ਇਹ ਸੋਚ ਕੇ ਭੋਲਾ ਆਪਣੇ ਚੇਤਕ ਨੂੰ ਕਿੱਕ ਮਾਰਦਾ — ਚੇਤਕ ਦੋ ਵਾਰ ਖੰਘ ਕੇ ਚੱਲਦਾ — ਤੇ ਉਹ ਘਰ ਵੱਲ ਨਿਕਲ ਪੈਂਦਾ।
ਉਸ ਦਿਨ ਸ਼ਾਮ ਨੂੰ ਭੋਲੇ ਦਾ ਚੇਤਕ ਖੰਘਦਾ-ਖੜਕਦਾ ਗਲੀ ਵਿੱਚ ਮੁੜਿਆ। ਭੋਲੇ ਨੇ ਦੂਰੋਂ ਦੇਖਿਆ — ਪੁਸ਼ਪਾ ਗਲੀ ਵਿੱਚ ਮੰਜੀ ਡਾਹ ਕੇ ਬੈਠੀ ਸੀ। ਭੋਲਾ ਗਲੀ ਵਿੱਚ ਪਹੁੰਚਿਆ — ਹਾਲੇ ਸਕੂਟਰ ਤੋਂ ਉੱਤਰਿਆ ਵੀ ਨਹੀਂ ਸੀ।
ਭੋਲਾ (ਸਕੂਟਰ ਉੱਤੇ ਬੈਠੇ-ਬੈਠੇ ਹੀ): "ਬੀਬੀ, ਮੈਂ ਤੈਨੂੰ ਐਨੀ ਵਾਰ ਕਿਹਾ ਕਿ ਬਾਹਰ ਮੰਜੀ ਨਾ ਕੱਢਿਆ ਕਰ। ਤੈਨੂੰ ਪਤਾ ਤਾਂ ਹੈ — ਲੋਕਾਂ ਦੀ ਨਜ਼ਰ ਕਿੰਨੀ ਪੱਥਰ-ਪਾੜ੍ਹ ਹੈ। ਤੈਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ।"
ਪੁਸ਼ਪਾ ਉੱਠ ਕੇ ਖੜ੍ਹੀ ਹੋ ਗਈ। ਅੱਖਾਂ ਵਿੱਚ ਅੱਗ ਸੀ।
"ਭੋਲੂ, ਮੈਂ ਤਾਂ ਤੈਨੂੰ ਬਾਹਰ ਉਡੀਕ ਕਰ ਰਹੀ ਸਾਂ — ਤੂੰ ਅੱਜ 7 ਵਜੇ ਦਿੱਤੇ! ਕਿੱਥੇ ਰਹਿ ਗਿਆ ਸੀ? ਅੱਗੋ ਤਾਂ ਤੂੰ 4:30 ਵਜੇ ਹੀ ਆ ਜਾਂਦਾ ਏਂ।"
ਭੋਲਾ (ਢਿੱਲਾ ਜਿਹਾ ਹੋ ਕੇ): "ਬੀਬੀ, ਅੱਜ ਮੈਂ ਫੇਰ ਦਰਿਆ ਦੇ ਕੰਢੇ ਚੱਲਾ ਗਿਆ ਸੀ।" ਆਪਣਾ ਸਕੂਟਰ ਅੰਦਰ ਕਰਦਾ ਹੋਇਆ ਬੋਲਿਆ।
"ਭੋਲੂ, ਜੇ ਦੇਰੀ ਨਾਲ ਘਰ ਆਣਾ ਸੀ ਤਾਂ ਇੱਕ ਫ਼ੋਨ ਤਾਂ ਕਰ ਦਿੰਦਾ! ਤਿੰਨ-ਚਾਰ ਦਿਨ ਹੋ ਗਏ — ਨਾ ਤੂੰ ਵਟਸਐਪ ਤੇ ਸਟੇਟਸ ਲਗਾਇਆ।"
ਭੋਲਾ ਰੁਕਿਆ। ਹੌਲੀ ਜਿਹੀ ਬੋਲਿਆ:
"ਬੀਬੀ… ਮੇਰਾ ਫ਼ੋਨ।"
"ਕਿ ਮੇਰਾ ਫ਼ੋਨ — ਅੱਗੇ ਵੀ ਬੋਲ!"
ਭੋਲੇ ਨੇ ਸਿਰ ਖੁਜਾਇਆ। ਫਿਰ ਸਾਰੀ ਗੱਲ ਦੱਸੀ:
"ਮੈਂ ਤਿੰਨ ਦਿਨ ਪਹਿਲਾਂ ਖੇਤਾਂ ਵਲੋਂ ਆ ਰਿਹਾ ਸੀ। ਫ਼ੋਨ ਤੇ ਤਰਸੇਮ ਨਾਲ ਗੱਲ ਕਰ ਰਿਹਾ ਸੀ।"
ਤਰਸੇਮ — ਭੋਲੇ ਦਾ ਇਕੱਲਾ ਯਾਰ, ਜਿਹਦੇ ਨਾਲ ਦਿਲ ਦੀ ਹਰ ਗੱਲ ਸਾਂਝੀ ਹੁੰਦੀ ਸੀ।
"ਦੋ ਬੰਦੇ ਆਏ — ਮੂੰਹ ਢੱਕੇ ਹੋਏ। ਇੱਕ ਨੇ ਮੇਰਾ ਫ਼ੋਨ ਖੋਹ ਲਿਆ, ਇੱਕ ਨੇ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਡਰ ਗਿਆ ਤੇ ਓਥੋਂ ਨੱਠ ਗਿਆ।"
ਭੋਲੇ ਨੇ ਇੱਕ ਪਲ ਰੁਕ ਕੇ ਕਿਹਾ — "ਮੇਰਾ ਫ਼ੋਨ ਚੋਰੀ ਹੋ ਗਿਆ।"
ਪੁਸ਼ਪਾ ਦੀਆਂ ਅੱਖਾਂ ਵਿੱਚ ਪਹਿਲਾਂ ਹੈਰਾਨੀ ਆਈ, ਫਿਰ ਗੁੱਸਾ।
"ਤੂੰ ਮੈਨੂੰ ਪਹਿਲਾਂ ਕਿਉਂ ਨੀ ਦੱਸਿਆ? ਜਿਵੇਂ ਤੂੰ ਨੱਠ ਆਇਆ — ਤੇਰੇ ਤਾਂ ਹੋਰ ਛਿੱਤਰ ਪੈਣੇ ਚਾਹੀਦੇ ਨੇ! ਕੁੱਤਿਆ, ਤੈਨੂੰ ਬੇੜਾ ਸ਼ਰਮ ਨਾ ਆਈ! ਜੇ ਤੇਰੀ ਜਗ੍ਹਾ ਤੇਰਾ ਪਿਓ ਹੁੰਦਾ ਤਾਂ ਉਹਨੇ ਉਹਨਾਂ ਦਾ ਗਾਟਾ ਲਾਹ ਦੇਣਾ ਸੀ!"
ਇਹ ਬੋਲਦੇ ਹੀ ਪੁਸ਼ਪਾ ਨੇ ਭੋਲੇ ਦੇ ਇੱਕ ਥੱਪੜ ਜੜ ਦਿੱਤਾ।
ਭੋਲਾ ਭਾਵੁਕ ਹੁੰਦਾ ਹੋਇਆ ਵਿਹੜੇ ਵਿੱਚ ਸਕੂਟਰ ਖੜ੍ਹਾ ਕਰਕੇ ਆਪਣੇ ਕਮਰੇ ਵਿੱਚ ਵੜ ਗਿਆ — ਦਰਵਾਜ਼ੇ ਦੀ ਕੁੰਡੀ ਲਾ ਲਈ।
ਪੁਸ਼ਪਾ ਖੜ੍ਹੀ ਰਹੀ। ਫਿਰ ਮੁੜੀ — ਤੇ ਮੁੜਦੇ ਹੋਏ ਆਪਣੀ ਅੱਖ ਦੇ ਕੋਏ ਨੂੰ ਚੁੱਪ-ਚੁਪੀਤੇ ਪੂੰਝਿਆ। ਕਿਸੇ ਨੇ ਨਹੀਂ ਦੇਖਿਆ।
ਥੋੜ੍ਹੀ ਦੇਰ ਬਾਅਦ ਪੁਸ਼ਪਾ ਨੂੰ ਮਹਿਸੂਸ ਹੋਇਆ ਕਿ ਭੋਲੇ ਤੇ ਇੰਨਾ ਗੁੱਸਾ ਨਹੀਂ ਸੀ ਕਰਨਾ ਚਾਹੀਦਾ। ਉਹ ਭੋਲੇ ਲਈ ਪਾਣੀ ਦਾ ਗਲਾਸ ਲੈ ਕੇ ਉਸਦੇ ਕਮਰੇ ਕੋਲ ਗਈ।
"ਭੋਲੇ ਪੁੱਤ, ਦਰਵਾਜ਼ਾ ਖੋਲ੍ਹ। ਪਾਣੀ ਪੀ ਲੈ।"
ਭੋਲੇ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਬਿਸਤਰੇ ਤੇ ਜਾ ਲੰਮਾ ਪੈ ਗਿਆ।
"ਇੱਥੇ ਮੇਜ਼ ਤੇ ਰੱਖ ਦੇ ਪਾਣੀ ਦਾ ਗਲਾਸ।"
ਪੁਸ਼ਪਾ ਨੇ ਗਲਾਸ ਰੱਖਿਆ। ਖੜ੍ਹੀ ਰਹੀ।
"ਚੱਲ ਹੁਣ ਮੂੰਹ ਮੋਟਾ ਨਾ ਕਰ। ਜੋ ਹੋਣਾ ਸੀ ਹੋਇਆ। ਪਾਣੀ ਪੀ ਲੈ।"
ਭੋਲੇ ਦਾ ਮਨ ਭਰ ਆਇਆ — ਤੇ ਆਪਣੇ ਆਪ ਤੇ ਗੁੱਸਾ ਵੀ ਆਇਆ ਕਿ ਉਹ ਓਥੋਂ ਭੱਜਿਆ ਹੀ ਕਿਉਂ।
"ਚੱਲ ਕੋਈ ਨਾ ਪੁੱਤ, ਉਦਾਸ ਨਾ ਹੋ — ਨਵਾਂ ਫ਼ੋਨ ਲੈ ਲਵਾਂਗੇ।"
"ਬੀਬੀ… ਆਪਾਂ ਕਿਵੇਂ ਨਵਾਂ ਫ਼ੋਨ ਲੈ ਸਕਦੇ ਆਂ? ਆਪਣੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਹੈਗੇ। ਤੈਨੂੰ ਪਤਾ ਹੈ ਮੇਰੀ ਤਨਖ਼ਾਹ ਵੀ ਬਹੁਤ ਘੱਟ ਹੈ — ਸਾਡਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਪਹਿਲਾ ਵਾਲਾ ਫ਼ੋਨ ਤਾਂ ਮਾਮੇ ਨੇ ਜਨਮ ਦਿਨ ਤੇ ਗਿਫ਼ਟ ਦਿੱਤਾ ਸੀ।"
ਪੁਸ਼ਪਾ ਨੇ ਇੱਕ ਲੰਮਾ ਸਾਹ ਲਿਆ।
"ਹਾਂ ਮੈਨੂੰ ਪਤਾ ਹੈ ਤੇਰੀ ਤਨਖ਼ਾਹ ਦਾ। ਆਪਾਂ ਫ਼ੋਨ ਦੀਆਂ ਕਿਸ਼ਤਾਂ ਕਰਾਂ ਲਵਾਂਗੇ।"
"ਹਾਂ ਬੀਬੀ, ਇੱਦਾਂ ਵੀ ਸਹੀ ਹੈ।"
ਭੋਲਾ ਬਹੁਤ ਖ਼ੁਸ਼ ਹੋਇਆ। ਉਸਦੇ ਮਨ ਵਿੱਚ ਲੱਡੂ ਫੁੱਟ ਰਹੇ ਸਨ — ਨਵਾਂ ਸਮਾਰਟਫ਼ੋਨ ਮਿਲਣ ਵਾਲਾ ਸੀ! ਉਹ ਹੁਣੇ ਪੁਸ਼ਪਾ ਦੇ ਫ਼ੋਨ ਵਿੱਚ ਗੂਗਲ ਖੋਲ੍ਹ ਕੇ ਬੈਠ ਗਿਆ।
ਇੰਨੇ ਨੂੰ ਪੁਸ਼ਪਾ ਬੋਲੀ: "ਚੱਲ ਭੋਲੂ, ਆਰਾਮ ਕਰ ਲੈ — ਹੁਣ ਮੈਂ ਰੋਟੀ ਬਣਾ ਲਵਾਂ, ਤੂੰ ਜੇਹੜਾ ਫ਼ੋਨ ਲੈਣਾ ਹੋਵੇ ਲੈ ਲਵੀਂ।"
ਭੋਲਾ (ਬਿਨਾਂ ਫ਼ੋਨ ਤੋਂ ਅੱਖਾਂ ਚੁੱਕੇ): "ਠੀਕ ਹੈ ਬੀਬੀ। ਪਰ… ਕਿਹੜੀ ਸਬਜ਼ੀ ਬਣਾਈ ਅੱਜ?"
"ਓਹੀ ਜੇਹੜੀ ਕੱਲ੍ਹ ਬਣੀ ਸੀ — ਬੈਂਗਣਾਂ ਦੀ।"
ਭੋਲੇ ਦਾ ਮੂੰਹ ਬਣ ਗਿਆ। ਪਰ ਅੱਖਾਂ ਫ਼ੋਨ ਤੇ ਟਿਕਾਈ ਰੱਖ ਕੇ ਹੌਲੀ ਜਿਹੀ ਬੋਲਿਆ — ਇੰਨੀ ਹੌਲੀ ਕਿ ਸਿਰਫ਼ ਉਹ ਖ਼ੁਦ ਸੁਣੇ:
"ਪਤਾ ਨਹੀਂ ਹੋਰ ਕਿੰਨੇ ਦਿਨ ਇਹ ਘਟੀਆ ਸਬਜ਼ੀ ਖਾਣੀ ਪਊ।"
ਪਰ ਹੌਲੀ ਦੀ ਆਵਾਜ਼ ਵੀ ਮਾਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ।
"ਕੀ ਕਿਹਾ? ਮੈਨੂੰ ਸੁਣਿਆ ਨਹੀਂ!"
ਭੋਲੇ ਦਾ ਚਿਹਰਾ ਲਾਲ ਹੋ ਗਿਆ। ਸਿਰ ਖੁਜਾਇਆ। "ਨਹੀਂ ਬੀਬੀ! ਮੈਂ ਕਹਿ ਰਿਹਾ ਸੀ ਕਿ… ਮਿਰਚਾਂ ਦਾ ਅਚਾਰ ਵੀ ਲੈ ਆਇਓ ਨਾਲ।"
ਪੁਸ਼ਪਾ ਨੇ ਸ਼ੱਕ ਦੀ ਨਜ਼ਰ ਨਾਲ ਵੇਖਿਆ। ਪਰ ਭੋਲੇ ਦਾ ਚਿਹਰਾ ਐਨਾ ਮਾਸੂਮ ਸੀ ਕਿ ਸ਼ੱਕ ਮਰ ਗਿਆ।
"ਠੀਕ ਹੈ।" ਕਹਿ ਕੇ ਰਸੋਈ ਵੱਲ ਚਲੀ ਗਈ।
ਭੋਲੇ ਨੇ ਛਾਤੀ ਤੇ ਹੱਥ ਰੱਖਿਆ। ਬਚ ਗਿਆ।
ਰੋਟੀ ਬਣ ਗਈ। ਪੁਸ਼ਪਾ ਸੌਣ ਤੋਂ ਪਹਿਲਾਂ ਹਿਦਾਇਤਾਂ ਦੇਣ ਲੱਗੀ — ਜਿਵੇਂ ਕਿਸੇ ਜਰਨੈਲ ਨੇ ਫ਼ੌਜ ਨੂੰ ਦੇਣੀਆਂ ਹੁੰਦੀਆਂ ਨੇ:
"ਭੋਲੇ, ਰੋਟੀ ਪਾਤ੍ਰੀ ਹੈ — ਲੈ ਖਾ ਲੈ। ਪਾਣੀ ਤੂੰ ਆਪੇ ਲੈ ਲਵੀਂ। ਤੇ ਦੁੱਧ ਵੀ ਪੀ ਲਵੀਂ — ਗਰਮ ਹੈ, ਜਦੋਂ ਠੰਡਾ ਹੋ ਜਾਵੇ ਫ਼ਰਿੱਜ ਵਿੱਚ ਰੱਖ ਦੇਵੀਂ।"
"ਚੰਗਾ।"
ਪੁਸ਼ਪਾ ਆਪਣੇ ਕਮਰੇ ਵਿੱਚ ਸੌਣ ਚਲੀ ਗਈ।
ਤੇ ਹੁਣ ਸ਼ੁਰੂ ਹੋਇਆ ਭੋਲੇ ਦਾ ਅਸਲ ਕਾਰਨਾਮਾ।
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ — ਭੋਲਾ ਦਿਲ ਤੇ ਦਿਮਾਗ਼ ਤੋਂ ਵੀ ਭੋਲਾ-ਭਾਲਾ ਹੈ। ਗੂਗਲ ਖੋਲ੍ਹਿਆ, ਸੋਚਿਆ, ਸਿਰ ਖੁਜਾਇਆ, ਫਿਰ ਸੋਚਿਆ, ਫਿਰ ਖੁਜਾਇਆ।
ਤੇ ਫਿਰ ਪੰਜਾਬੀ ਵਿੱਚ ਟਾਈਪ ਕੀਤਾ:
"ਦੁਨੀਆਂ ਦਾ ਸਭ ਤੋਂ ਵੱਡਾ ਫ਼ੋਨ ਕਿਹੜਾ ਹੈ"
ਗੂਗਲ ਨੇ ਟੈਬਲੇਟ ਦਿਖਾ ਦਿੱਤੇ। ਭੋਲੇ ਦੀਆਂ ਅੱਖਾਂ ਚੌੜੀਆਂ ਹੋ ਗਈਆਂ — "ਇਹ ਤਾਂ ਟੀ.ਵੀ. ਆ ਯਾਰ!"
ਫਿਰ ਟਾਈਪ ਕੀਤਾ: "ਸਭ ਤੋਂ ਮਹਿੰਗਾ ਫ਼ੋਨ ਕਿੰਨੇ ਦਾ ਹੈ"
ਕੀਮਤ ਦੇਖ ਕੇ ਫ਼ੋਨ ਡਿੱਗਦਾ-ਡਿੱਗਦਾ ਬਚਿਆ। ਭੋਲੇ ਨੇ ਬੁੜ-ਬੁੜ ਕੀਤੀ — "ਐਨੇ ਦਾ ਤਾਂ ਸਾਡਾ ਘਰ ਵੀ ਨਹੀਂ।"
ਫਿਰ ਟਾਈਪ ਕੀਤਾ: "ਸਸਤਾ ਤੇ ਵਧੀਆ ਫ਼ੋਨ ਜੋ ਸਭ ਕੁਝ ਕਰੇ"
ਗੂਗਲ ਨੇ ਸੌ ਨਤੀਜੇ ਦਿੱਤੇ। ਭੋਲਾ ਹਰ ਫ਼ੋਨ ਦੀ ਫ਼ੋਟੋ ਦੇਖਦਾ, ਕੀਮਤ ਦੇਖਦਾ, ਸਿਰ ਖੁਜਾਉਂਦਾ, ਅਗਲਾ ਖੋਲ੍ਹਦਾ। ਇੱਕ ਘੰਟਾ ਹੋ ਗਿਆ। ਰੋਟੀ ਠੰਡੀ ਹੋ ਗਈ। ਦੁੱਧ ਫ਼ਰਿੱਜ ਵਿੱਚ ਰੱਖਣਾ ਭੁੱਲ ਗਿਆ।
ਰਾਤ ਦੇ 11:30 ਵੱਜ ਗਏ।
ਭੋਲੇ ਨੂੰ ਜਦੋਂ ਕੁਝ ਸਮਝ ਨਾ ਆਈ ਤਾਂ ਉਸਨੇ ਤਰਸੇਮ ਨੂੰ ਫ਼ੋਨ ਲਗਾ ਲਿਆ।
ਘੰਟੀ ਵੱਜੀ। ਦੋ ਵਾਰ। ਤਿੰਨ ਵਾਰ।
"ਯਾਰ ਤਰਸੇਮਾ, ਸੁੱਤਾ ਨਹੀਂ ਤੂੰ?"
ਤਰਸੇਮ ਦੀ ਆਵਾਜ਼ ਵਿੱਚ ਨੀਂਦ ਸੀ। "ਭੋਲਿਆ… ਸਾਢੇ ਗਿਆਰਾਂ ਵੱਜੇ ਆ। ਕੀ ਗੱਲ ਹੋ ਗਈ?"
"ਯਾਰ, ਨਵਾਂ ਫ਼ੋਨ ਲੈਣਾ ਹੈ — ਕਿਹੜਾ ਲਵਾਂ?"
ਤਰਸੇਮ ਇੱਕ ਪਲ ਲਈ ਚੁੱਪ ਰਿਹਾ। ਫਿਰ ਬੋਲਿਆ — ਤੇ ਇਸ ਵਾਰ ਉਸਦੀ ਆਵਾਜ਼ ਵਿੱਚੋਂ ਨੀਂਦ ਅਚਾਨਕ ਗਾਇਬ ਹੋ ਗਈ:
"ਭੋਲਿਆ… ਫ਼ੋਨ ਦੀ ਗੱਲ ਛੱਡ ਹੁਣੇ। ਪਹਿਲਾਂ ਇੱਕ ਗੱਲ ਸੁਣ — ਅੱਜ ਮੈਂ ਸ਼ਹਿਰੋਂ ਕੁਝ ਸੁਣ ਕੇ ਆਇਆ ਹਾਂ… ਤੇਰੇ ਸਕੂਲ ਬਾਰੇ ਕੁਝ ਹੋ ਰਿਹਾ ਹੈ ਤੇਰੇ ਪਿੱਛੇ, ਜਿਸ ਬਾਰੇ ਤੈਨੂੰ ਪਤਾ ਹੋਣਾ ਚਾਹੀਦਾ…"
ਫ਼ੋਨ ਕੱਟ ਗਿਆ।
ਬੈਲੈਂਸ ਖ਼ਤਮ।
ਭੋਲਾ ਫ਼ੋਨ ਵੱਲ ਵੇਖਦਾ ਰਿਹਾ। ਸਿਰ ਖੁਜਾਇਆ। ਬਾਹਰ ਰਾਤ ਚੁੱਪ ਸੀ, ਪਿੰਡ ਸੁੱਤਾ ਪਿਆ ਸੀ — ਪਰ ਭੋਲੇ ਦੇ ਮਨ ਵਿੱਚ ਕੁਝ ਖੜਕਣ ਲੱਗ ਪਿਆ ਸੀ। ਜਿਵੇਂ ਉਸਦੇ ਚੇਤਕ ਦੀ ਮਸ਼ੀਨ ਖੜਕਦੀ ਹੈ ਜਦੋਂ ਕੁਝ ਗ਼ਲਤ ਹੋਣ ਵਾਲਾ ਹੁੰਦਾ ਹੈ।
ਸਕੂਲ ਵਿੱਚ ਕੀ ਹੋ ਰਿਹਾ ਸੀ ਉਸਦੇ ਪਿੱਛੇ?
ਭੋਲਾ — ਜਿਹਦੀ ਦੁਨੀਆ ਬੜੀ ਛੋਟੀ ਸੀ, ਪਰ ਮੁਸੀਬਤਾਂ ਹਮੇਸ਼ਾ ਵੱਡੀਆਂ ਆਉਂਦੀਆਂ ਸਨ।
June de mahine vich Ludhiane di garmi da haal eh si ke sadkan utte turne waale bande di chappal tak pighal jaandi si. Aijhe din vich buddhe dariye de kandhe bache thande paani vich chhaalaan maarde, kilkaariyan paunde, ikk dooje nu bheunde hoye khel rahe san.
Te inhaan sabhnaan ton thoda parhe — dariye de kandhe utte baitha ikk banda inhaan bachiyan nu vekhh riha si. Paani vich nahi vaddeya. Hassya nahi. Bass vekhda riha — te mann vich sochda riha ke kaash ih bachpan dubaara aa jaave. Par kaash kade poori nahi hundi.
Ih si Bhola.
Teehaan ton paar langh chukka si — vazan sattar kilo, sir utton ganja. Vaal umar ton pehle hi kheh gaye san — jive Rabb ne sochya hove, is munde nu vaalan naal kee kamm, ihdaa taan dil vekhna hai. Pita da naan Ritha si — jo Bhola ajje chhota hi si jado guzar gaye san. Maan da naan Pushpa — jisnu Bhola hamesha "Beebi" kehndaa si. Pushpa da ikko ikk laadla puttar.
Supna si Bhole da — Ludhiane de kise changi school vich vigiyaan da adhiyaapak banna. BA te B.Ed keeti si mihinat naal. Par zindagi ne apna hisaab vakhra hi rakhya si — sarkaari high school vich naukri mili, par adhiyaapak vajon nahi. Peon vajon. Roz savere pind Jamalpur ton apne puraane Bajaj Chetak utte Ludhiane jaanda — oh scooter jo chalda ghatt te khangda vadh si, jive ohnu vi Bhole vaangu mazboori vich kaam karna painda hove.
School vich adhiyaapak hukam dinde — "Bholeya chaa liaa, Bholeya kamra jhaadd." Koi nahi si puchhda ke is peon kol B.Ed di degree pai hai. Ikk vaar taan senior teacher ne staff room vich saariyan de saamhne keha si — "Bholeya, tu taan aap vi padheya-likhya en — ghanti vi tu vaja, padha vi tu lai!" Saara staff room hass piya si. Bhola vi hass ditta si — par us haasi de pichhe kuch si jo kade kise nu dikhya nahi si. Bhola chup-chupite sabb sahi lenda. Par jado koi bachcha kise sawaal vich ridak ke us kol aunda taan Bhola ohnu kone vich lai jaanda te chup-chupite samjhaa dinda. Baahron peon, andron master.
Ikk dukh hor si — vyaah nahi hoya si ajje tak. Gali-muhalle vaale kade-kade sharre-sharre keh ke tichran karde. Bhola unhan di gallan sunn ke mann vich kehndaa — "Main duniyaan di sabh ton khubsoorat kudi naal vyaah karvaaunga, jo inhaan gali-muhalle vaaliyaan de mooh te chapeDD taraangi — te phir dekhange kaun sharraa kehndaa hai!"
Ih soch ke Bhola apne Chetak nu kick maarda — Chetak do vaar khang ke chalda — te oh ghar vell nikall painda.
Us din shaam nu Bhole da Chetak khangda-khaDakda gali vich muddeya. Bhole ne dooron vekhya — Pushpa gali vich manji daah ke baithhi si. Bhola gali vich pahunchya — haale scooter ton uttareya vi nahi si.
Bhola (scooter utte baiThe-baiThe hi): "Beebi, main tainu ainni vaar keha ke baahr manji na kaDDeya kar. Tainu pataa taan hai — lokan di nazar kinni paththar-paadhh hai. Tainu ikk vaar kahi gall samajh nahi aundi."
Pushpa utth ke khaDDhi ho gayi. Akkhaan vich agg si.
"Bholu, main taan tainu baahr udeeq kar rahi saan — tu aaj 7 vajje ditte! Kithe reh gaya si? Agge taan tu 4:30 vajje hi aa jaanda en."
Bhola (dhhilla jeha ho ke): "Beebi, aaj main phir dariye de kandhe challaa gaya si." Apna scooter andar karda hoya boliya.
"Bholu, je deri naal ghar aanaa si taan ikk phone taan kar dinda! Tinn-chaar din ho gaye — naa tu WhatsApp te status lagaaya."
Bhola rukkeya. Hauli jehi boliya:
"Beebi… mera phone."
"Ki mera phone — agge vi bol!"
Bhole ne sir khujaya. Phir saari gall dassee:
"Main tinn din pehle khetaan vallon aa riha si. Phone te Tarsem naal gall kar riha si."
Tarsem — Bhole da ikalla yaar, jihdey naal dil di har gall saanjhi hundi si.
"Do bande aaye — mooh dhakke hoye. Ikk ne mera phone khoh liya, ikk ne mooh te thappad maarne shuru kar ditte. Main Darr gaya te othhon natth gaya."
Bhole ne ikk pal rukk ke keha — "Mera phone chori ho gaya."
Pushpa diyaan akkhaan vich pehle hairani aayi, phir gussa.
"Tu mainu pehle kyun ni dasseya? Jive tu natth aaya — tere taan hor chhittar paine chahide ne! Kuttiya, tainu beDDa sharam naa aayi! Je teri jagah tera pio hunda taan ohne ohnaan da gaata laah denna si!"
Ih bolde hi Pushpa ne Bhole de ikk thappad jaDd ditta.
Bhola bhaavuk hunda hoya vehDde vich scooter khaDhaa karke apne kamre vich vaDD gaya — darwaaje di kundi laa layi.
Pushpa khaDDhi rahi. Phir muddi — te mudde hoye apni akkh de koe nu chup-chupite poonjheya. Kise ne nahi dekheya.
Thodi der baad Pushpa nu mehsoos hoya ke Bhole te inna gussa nahi si karna chahida. Oh Bhole layi paani da glass lai ke ohde kamre kol gayi.
"Bhole putt, darwaaja khol. Paani pee lai."
Bhole ne darwaaja kholya te apne bistre te jaa lammaa pai gaya.
"Ittthe mez te rakhh de paani da glass."
Pushpa ne glass rakhya. KhaDDhi rahi.
"Chall hun mooh mota naa kar. Jo hoona si hoya. Paani pee lai."
Bhole da mann bhar aaya — te apne aap te gussa vi aaya ke oh othhon bhaajya hi kyun.
"Chall koi naa putt, udaas naa ho — navaan phone lai lavange."
"Beebi… apaan kive navaan phone lai sakde aan? Apne kol taan ainne paise vi nahi haige. Tainu pataa hai meri tankhaah vi bahut ghatt hai — saada ghar da guzaara baDDi mushkil naal chalda hai. Pehla vaala phone taan maame ne janam din te gift ditta si."
Pushpa ne ikk lamma saah liya.
"Haan mainu pataa hai teri tankhaah da. Apaan phone diyaan kishtaan karaan lavange."
"Haan Beebi, iddaan vi sahi hai."
Bhola bahut khush hoya. Ohde mann vich laDDu phuttT rahe san — navaan smartphone millan vaala si! Oh hune Pushpa de phone vich Google kholh ke baiTH gaya.
InTe nu Pushpa boli: "Chall Bholu, aaraam kar lai — hun main roti banaa lavaan, tu jehra phone laina hove lai laveen."
Bhola (binaa phone ton akkhaan chukke): "Theek hai Beebi. Par… kihdi sabzi banaai aaj?"
"Oohi jehDi kall bani si — bainganan di."
Bhole da mooh ban gaya. Par akkhaan phone te tikaayi rakhh ke hauli jehi boliya — inni hauli ke sirf oh khud sune:
"Pataa nahi hor kinne din ih ghaTiya sabzi khaani pau."
Par hauli di awaaz vi maan de kannan tak pahunch jaandi hai.
"Kee keha? Mainu suneya nahi!"
Bhole da chehra laal ho gaya. Sir khujaya. "Nahi Beebi! Main keh riha si ke… mirchaan da achaar vi lai aaio naal."
Pushpa ne shakk di nazar naal vekhya. Par Bhole da chehra enna maasoom si ke shakk mar gaya.
"Theek hai." Keh ke rasoyi vell chali gayi.
Bhole ne chhaati te hatth rakhya. Bach gaya.
Roti ban gayi. Pushpa saunn ton pehle hidaayataan denn laggi — jive kise jarnail ne fauj nu deniyan hundiyaan ne:
"Bhole, roti paatri hai — lai khaa lai. Paani tu aape lai laveen. Te dudh vi pee laveen — garam hai, jado thanda ho jaave fridge vich rakhh devin."
"Changga."
Pushpa apne kamre vich saunn chali gayi.
Te hun shuru hoya Bhole da asal karnaama.
Jive ke tuhaanu pataa hi hai — Bhola dil te dimaagh ton vi Bhola-bhaala hai. Google kholheya, sochya, sir khujaya, phir sochya, phir khujaya.
Te phir Punjabi vich type keeta:
"Duniyaan da sabh ton vadda phone kehDaa hai"
Google ne tablet dikhaa ditte. Bhole diyaan akkhaan chauDDiyaan ho gayaan — "Ih taan TV aa yaar!"
Phir type keeta: "Sabh ton mahingaa phone kinne da hai"
Keemat dekh ke phone diggda-diggda bachya. Bhole ne buDD-buDD keeti — "Ainne da taan saada ghar vi nahi."
Phir type keeta: "Sasta te vadhiya phone jo sabh kuch kare"
Google ne sau natije ditte. Bhola har phone di photo vekhda, keemat vekhda, sir khujaaunda, agla kholhda. Ikk ghanta ho gaya. Roti thandi ho gayi. Dudh fridge vich rakhna bhull gaya.
Raat de 11:30 vajj gaye.
Bhole nu jado kuch samajh naa aayi taan ohne Tarsem nu phone lagaa liya.
Ghanti vajji. Do vaar. Tinn vaar.
"Yaar Tarsema, suttaa nahi tu?"
Tarsem di awaaz vich neend si. "Bholeya… saaDhe gyaaraan vajje aa. Kee gall ho gayi?"
"Yaar, navaan phone laina hai — kehDaa lavaan?"
Tarsem ikk pal layi chup riha. Phir boliya — te is vaar ohdi awaaz vichon neend achaanak gaaib ho gayi:
"Bholeya… phone di gall chhaDd hune. Pehle ikk gall sunn — aaj main shehron kuch sunn ke aaya haan… tere school baare kuch ho riha hai tere pichhe, jis baare tainu pataa hona chahida…"
Phone katt gaya.
Balance khatam.
Bhola phone vell vekhda riha. Sir khujaya. Baahr raat chup si, pind suttaa peya si — par Bhole de mann vich kuch khaDakann lagg piya si. Jive ohde Chetak di machine khaDakdi hai jado kuch galat honn waala hunda hai.
School vich kee ho riha si ohde pichhe?
Bhola — jihdii duniya baDi chhoti si, par musibataan hamesha vaDDiyaan aundiyaan san.